ਬੰਦੀ ਛੋੜ ਦਿਵਸ ਨੂੰ ਸਮਰਪਿਤ ਤੀਜੀ ਪੈਦਲ ਸ਼ਬਦ ਚੌਕੀ ਯਾਤਰਾ ਦੀ ਸ਼੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ਤੋਂ ਗੁਰਦਵਾਰਾ ਦਾਤਾ ਬੰਦੀ ਛੋੜ ਕਿਲ੍ਹਾ ਗਵਾਲੀਅਰ ਤੱਕ।
ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ ਅਗਵਾਈ ਵਿੱਚ ਮਿਤੀ 10 ਸਤੰਬਰ 2023 ਨੂੰ ਦਾਤਾ ਬੰਦੀ ਛੋੜ ਦਿਵਸ ਨੂੰ ਸਮਰਪਿਤ ਬਾਬਾ ਬੁੱਢਾ ਜੀ ਵੱਲੋਂ ਸ਼ੁਰੂ ਕੀਤੀ ਗਈ ਪੈਦਲ ਯਾਤਰਾ ਦੀ ਰੀਤ ਨੂੰ ਅੱਗੇ ਤੋਰਦਿਆਂ ਤੀਜੀ ਪੈਦਲ ਸ਼ਬਦ ਚੌਂਕੀ ਯਾਤਰਾ ਦੀ ਰਵਾਨਗੀ ਕੀਤੀ ਗਈ। ਸ਼ਬਦ ਚੌਂਕੀ ਯਾਤਰਾ ਦੀ ਸ਼ੁਰੂਆਤ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਵਾਨਾ ਹੋਈ ਅਤੇ ਵੱਖ ਵੱਖ ਪੜਾਵਾਂ ਤੋਂ ਹੁੰਦੀ ਹੋਈ ਮਿਤੀ 8 ਅਕਤੂਬਰ, 2023 ਨੂੰ ਗੁਰਦਵਾਰਾ ਦਾਤਾ ਬੰਦੀ ਛੋੜ ਕਿਲ੍ਹਾ ਗਵਾਲੀਅਰ ਵਿਖੇ ਪਹੁੰਚੇਗੀ। ਇਸ ਯਾਤਰਾ ਵਿੱਚ ਬੀਬੀਆਂ ਦਾ ਜਥਾ ਉਚੇਚੇ ਤੌਰ ਤੇ ਹਾਜ਼ਰੀ ਭਰੇਗਾ। ਇਸ ਮੌਕੇ ਤੇ ਗਿਆਨੀ ਮਲਕੀਤ ਸਿੰਘ ਜੀ, ਹੈਡ ਗ੍ਰੰਥੀ, ਸ੍ਰੀ ਅਕਾਲ ਤਖਤ ਸਾਹਿਬ, ਅੰਮ੍ਰਿਤਸਰ, ਬਾਬਾ ਸੇਵਾ ਸਿੰਘ ਜੀ, ਕਾਰ ਸੇਵਾ ਖਡੂਰ ਸਾਹਿਬ ਅਤੇ ਸਮੂਹ ਸੰਗਤਾਂ ਹਾਜ਼ਿਰ ਸਨ। ਕਾਰ ਸੇਵਾ ਭੂਰੀ ਵਾਲਿਆਂ ਵੱਲੋ ਗੋਲਡਨ ਗੇਟ ਅੰਮ੍ਰਿਤਸਰ ਵਿਖੇ ਸੰਗਤ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ।
ਇਤਿਹਾਸ- ਬੰਦੀ ਛੋੜ ਦਿਵਸ ਇੱਕ ਸਿੱਖ ਤਿਉਹਾਰ ਹੈ ਜੋ ਸਿੱਖਾਂ ਦੇ ਛੇਵੇਂ ਗੁਰੂ, ਗੁਰੂ ਹਰਗੋਬਿੰਦ ਜੀ ਦੇ ਗਵਾਲੀਅਰ ਦੇ ਕਿਲ੍ਹੇ ਤੋਂ 52 ਰਾਜਿਆਂ ਨੂੰ ਰਿਹਾਅ ਕਰਵਾਉਣ ਦੇ ਦਿਨ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ, ਜਿਨ੍ਹਾਂ ਨੂੰ ਮੁਗਲ ਬਾਦਸ਼ਾਹ ਜਹਾਂਗੀਰ ਦੁਆਰਾ ਗਵਾਲੀਅਰ ਦੇ ਕਿਲ੍ਹੇ ਵਿੱਚ ਲੰਮੇ ਸਮੇਂ ਤੋਂ ਕੈਦ ਵਿੱਚ ਰੱਖਿਆ ਸੀ।