ਗੁਰੂਦੁਆਰਾ ਚੋਲਾ ਸਾਹਿਬ
ਪਿੰਡ ਕਾਲੇਕੇ, ਪਾਤਸ਼ਾਹੀ ਨੌਵੀਂ
ਗੁਰੂ ਤੇਗ ਬਹਾਦਰ ਸਾਹਿਬ ਜੀ ਅੰਮ੍ਰਿਤਸਰ ਦੇ ਦਰਸ਼ਨ ਕਰਨ ਤੋਂ ਬਾਅਦ ਵੱਲੇ ਤੋਂ ਬਾਬੇ ਬਕਾਲੇ ਨੂੰ ਜਾਂਦੇ ਹੋਏ ਪਿੰਡ ਕਾਲੇਕੇ ਪੁੱਜੇ, ਸਿੱਖ ਨਾਲ ਸਨ। ਸਿੱਖਾਂ ਦੀ ਨਜ਼ਰ ਕਣਕ ਦੇ ਖੇਤ ਵੱਲ ਪਈ ਤਾਂ ਉਹਨਾਂ ਨੂੰ ਅਸਚਰਜ਼ ਕੌਤਕ ਜਾਪਿਆ, ਦੋ ਸਿੱਖ ਇਸ ਕਣਕ ਦੇ ਖੇਤ ਵੱਲ ਆਏ, ਕਣਕ ਦੇ ਰਾਖੇ ਇੱਕ ਬੱਚੇ ਨੂੰ ਤੱਕਿਆ, ਚਿੜੀਆਂ ਉਡਾਣ ਦੀ ਥਾਂ ਬੱਬਰੀਆਂ ਵਿੱਚ ਪਾਣੀ ਪਾ ਕੇ ਰੱਖ ਰਿਹਾ ਸੀ। ਸਿੱਖਾਂ ਪੁੱਛਿਆ ਕਿ ਲੜਕਿਆਂ ਤੂੰ ਚਿੜੀਆਂ ਉਡਾਵਦਾ ਨਹੀਂ ਤਾਂ ਬੱਚੇ ਨੇ ਕਿਹਾ ਕਿ ਜਿਵੇਂ ਸਾਨੂੰ ਭੁੱਖ-ਤ੍ਰਿਹ ਲਗਦੀ ਹੈ ਇਹਨਾਂ ਨੂੰ ਭੀ ਲੱਗਦੀ ਹੈ। ਸਿੱਖਾਂ ਨੇ ਗੁਰੂ ਜੀ ਨੂੰ ਜਾ ਕੇ ਦੱਸਿਆ ਕਿ ਇਹ ਲੜਕਾ ਕਣਕ ਦੀ ਰਾਖੀ ਬੈਠਾ ਹੈ ਪਰ ਸਗੋਂ ਚਿੜੀਆਂ ਉਸ ਤੋਂ ਡਰਦੀਆਂ ਨਹੀਂ। ਗੁਰੂ ਜੀ ਸਿੱਖਾਂ ਸਮੇਤ ਆਏ ਤੇ ਗੁਰੂ ਜੀ ਨੇ ਪੁੱਛਿਆ ਕਿ ਲ਼ੜਕਿਆ ਤੂੰ ਇਹ ਗੱਲ ਕਿੱਥੋਂ ਸਿੱਖੀ ? ਬੱਚੇ ਨੇ ਦੱਸਿਆ ਕਿ ਇੱਕ ਸੰਤ ਨਹਾ ਕੇ ਪੜਦਾ ਸੀ (ਸਭਨਾ ਜੀਆਂ ਕਾ ਇਕ ਦਾਤਾ ਸੋ ਮੈ ਵਿਸਰਿ ਨਾ ਜਾਇ) ਗੁਰੂ ਜੀ ਨੇ ਫਿਰ ਪੁੱਛਿਆ ਬੱਚੇ ਤੇਰਾ ਨਾਮ ਕੀ ਹੈ? ਉਸਨੇ ਆਖਿਆ ਜੀ ਮੇਰਾ ਨਾਮ ਨਾਰੂ ਹੈ। ਗੁਰੂ ਜੀ ਉਸ ਨਾਰੂ ਨੂੰ ਆਪਣੇ ਨਾਲ ਲੈ ਗਏ। ਸਾਹਿਬ ਤੀਰਥਾਂ ਨੂੰ ਗਏ ਤਾਂ ਵੀ ਨਾਰੂ ਟਹਿਲ ਵਿੱਚ ਹਾਜ਼ਰ ਰਿਹਾ ਫਿਰ ਜਦੋਂ ਗੁਰੂ ਦਿੱਲੀ ਸੀਸ ਦੇਣ ਗਏ ਤਾਂ ਵੀ ਨਾਰੂ ਨਾਲ ਸੀ। ਦਿੱਲੀ ਪੁੱਜ ਕੇ ਗੁਰੂ ਜੀ ਨੇ ਨਾਰੂ ਨੂੰ ਹੁਕਮ ਕੀਤਾ ਕਿ ਤੂੰ ਜਾ ਕੇ ਗੋਬਿੰਦ ਜੀ ਦੀ ਟਹਿਲ ਵਿੱਚ ਹਾਜ਼ਰ ਹੋ। ਹੁਕਮ ਪਾ ਕੇ ਨਾਰੂ ਦਿੱਲੀ ਤੋਂ ਅਨੰਦਪੁਰ ਸਾਹਿਬ ਪੁੱਜ ਕੇ ਦਸਮ ਪਾਤਸ਼ਾਹ ਜੀ ਦੀ ਸੇਵਾ ਵਿੱਚ ਹਾਜ਼ਰ ਹੋਇਆ। ਦਸਮੇਸ਼ ਪਿਤੀ ਜੀ ਨੇ ਨਾਰੂ ਨੂੰ ਅੰਮ੍ਰਿਤ ਛਕਾ ਕੇ ਨਰ ਸਿੰਘ ਨਾਮ ਰੱਖਿਆ। ਅਨੰਦਪੁਰ ਦਾ ਕਿਲਾ ਛੱਡਣ ਸਮੇਂ ਨਰ ਸਿੰਘ ਜਖਮੀ ਹਾਲਤ ਵਿੱਚ ਗੁਰੂ ਜੀ ਨਾਲ ਸਨ। ਘਨੌਲੀ ਦੇ ਇੱਕ ਖਤਰੀ ਸਿੱਖ ਨੇ ਨਰ ਸਿੰਘ ਦੇ ਰਾਜੀ ਹੋਣ ਤੱਕ ਸੇਵਾ ਕੀਤੀ। ਨਰ ਸਿੰਘ ਦਮਦਮਾ ਸਾਹਿਬ ਆਣ ਕੇ ਗੁਰੂ ਜੀ ਦੇ ਚਰਣਾਂ ਤੇ ਸੀਸ ਰੱਖਿਆ, ਉਸ ਵੇਲੇ ਗੁਰੂ ਜੀ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਦਸਤਾਰ ਸਜਾ ਰਹੇ ਸਨ। ਗੁਰੂ ਜੇ ਨੇ ਪ੍ਰਸੰਨ ਹੋ ਕੇ ਹੇਠ ਲਿਖੀਆਂ ਬਖਸਸ਼ਾਂ ਕੀਤੀਆ –
1) ਗੁਰੂ ਜੀ ਦੇ ਤਨ ਦਾ ਚੋਲਾ ਸਾਹਿਬ
2) ਤੀਰ ਦੀ ਮੁਖੀ ਨਾਲ ਦਸਤਖਤ
ਇਹਨਾਂ ਵਸਤਾਂ ਦੇ ਦਰਸ਼ਨ ਕਰਕੇ ਸੰਗਤਾਂ ਨਿਹਾਲ ਹੁੰਦੀਆਂ ਹਨ।