ਗੁਰਦੁਆਰਾ ਚਰਨ ਕਮਲ ਸਾਹਿਬ ਪਾ 10ਵੀਂ
ਨਰਾਇਣਾ (ਰਾਜਸਥਾਨ)
ਇਹ ਗੁਰਦੁਆਰਾ ਰਾਜਸਥਾਨ ਦੀ ਧਰਤੀ ਤੇ ਸ਼ੁਸ਼ੋਭਿਤ, ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਹੈ। ਨਰਾਇਣਾ ਗੁਰੂ ਜੀ ਦੇ ਪਾਵਨ ਚਰਨ ਛੁਹ ਪ੍ਰਾਪਤ ਨਗਰ ਹੈ, ਜਿੱਥੇ ਗੁਰੂ ਸਾਹਿਬ ਤਲਵੰਡੀ ਸਾਬੋਂ (ਪੰਜਾਬ) ਤੋਂ ਹਜੂਰ ਸਾਹਿਬ (ਨਾਂਦੇੜ) ਨੂੰ ਜਾਂਦੇ ਹੋਏ ਦਾਦੂ ਜੀ ਸੰਪਰਦਾ ਦੇ ਮਹੰਤ ਜੈਤ ਰਾਮ ਜੀ ਦੀ ਬੇਨਤੀ ਤੇ ਸੰਗਤਾਂ ਸਮੇਤ ਲਗਪਗ 13 ਦਿਨ ਠਹਿਰੇ ਸਨ। ਇਤਿਹਾਸ ਅਨੁਸਾਰ ਗੁਰੂ ਜੀ ਨੇ ਜਦੋਂ ਦਾਦੂ ਜੀ ਦੀ ਸਮਾਧ ਤੇ ਤੀਰ ਝੁਕਾਇਆ ਅਤੇ ਇਸ ਤਰ੍ਹਾਂ ਸਮਾਧ ਤੇ ਨਮਸਕਾਰ ਕਰਨ ਕਰਕੇ ਤਨਖਾਹ ਵੀ ਲਗਵਾਈ। ਗੁਰੂ ਜੀ ਨੇ ਬਚਨ ਕੀਤੇ ਕਿ ਖਾਲਸਾ ਪੰਥ ਨੇ ਗੁਰਮਤਿ ਅਨੁਸਾਰ ਆਪਣਾ ਫਰਜ ਨਿਭਾਇਆ ਹੈ ਅਤੇ ਪ੍ਰੀਖਿਆ ਵਿੱਚੋਂ ਸਫਲ ਹੋਇਆ ਹੈ। ਇਸ ਅਸਥਾਨ ਤੇ 28 ਮਾਰਚ ਨੂੰ ਵਿਸ਼ਾਲ ਜੋੜ-ਮੇਲਾ ਕਰਵਾਇਆ ਜਾਂਦਾ ਹੈ। ਸੰਗਤਾਂ ਦੇ ਸਹਿਯੋਗ ਨਾਲ ਕਾਰ ਸੇਵਾ ਖਡੂਰ ਸਾਹਿਬ ਵਲੋਂ ਇਸ ਅਸਥਾਨ ਤੇ ਸੁੰਦਰ ਦਰਬਾਰ ਹਾਲ, ਖੁੱਲਾ ਬਰਾਂਡਾ, ਸਰਾਵਾਂ, ਲੰਗਰ ਹਾਲ ਤਿਆਰ ਕੀਤੇ ਗਏ ਹਨ। ਇਸ ਤੋਂ ਇਲਾਵਾ ਸਰੋਵਰ ਦਾ ਟੱਪ ਲਗਾਇਆ ਗਿਆ ਹੈ, ਜਿਸਦੀ ਖੁਦਾਈ ਦੀ ਸੇਵਾ ਚੱਲ ਰਹੀ ਹੈ । ਪੁਰਾਤਨ ਦਰਬਾਰ ਦੀ ਸਾਂਭ ਸੰਭਾਲ ਦੀ ਸੇਵਾ ਚੱਲ ਰਹੀ ਹੈ। ਇਥੇ ਹੀ 2019 ਈ. ਵਿੱਚ ਵਿਸ਼ਾਲ ਗੁਰੂ ਗੋਬਿੰਦ ਸਿੰਘ ਅਜਾਇਬ ਘਰ ਦਾ ਉਦਘਾਟਨ ਕੀਤਾ ਗਿਆ ਹੈ, ਜਿਸਦੀ ਉਸਾਰੀ ਵਿੱਚ ਰਾਜਸਥਾਨ ਸਰਕਾਰ ਵੱਲੋਂ 2 ਕਰੋੜ ਦਾ ਯੋਗਦਾਨ ਪਾਇਆ ਗਿਆ ਹੈ।